ਹੱਕ ਮੰਗਣ ਨੂੰ ਸਭ ਤਿਆਰ ਪਰ ਜਿੰਮੇਵਾਰੀ ਕੌਣ ਕੌਣ ਸਮਝਦਾ , ਇਹ ਬਹੁਤ ਵੱਡਾ ਸਵਾਲ ਹੈ ਤੇ ਨਾਲ ਹੀ ਇਕ ਹੋਰ ਵੱਡਾ ਸਵਾਲ ਹੈ ਬਿਮਾਰੀ ਲਾਉਣ ਵਾਲੇ ਤੇ ਬਿਮਾਰੀ ਠੀਕ ਕਰਨ ਵਾਲੇ ਦੋਨੋ ਸ਼ੱਕ ਦੇ ਘੇਰੇ ਵਿੱਚ ਕਿਉਂ ?
ਕੀ ਕਿਸਾਨ / ਡਾਕਟਰ ਅਪਣੀ ਜਿੰਮੇਵਾਰੀ ਸਮਝਦੇ ?
ਦੋਸਤੋ ਮੰਨਿਆ ਜਾਂਦਾ ਹੈ ਕਿ ਕਿਸਾਨੀ ਉੱਤਮ ਕਿੱਤਾ ਹੈ ਪਰ ਔਖੀ ਹੈ ਜਿਵੇਂ ਡਾਕਟਰੀ ਪਵਿੱਤਰ ਕਿੱਤਾ ਪਰ ਔਖੀ ਹੈ । ਕੀ ਇਹ ਦੋਨੋ ਕਿੱਤੇ ਅਪਣੀ ਅਸਲੀਅਤ ਦੇ ਨੇੜੇ ਹਨ ?
ਤਾਂ ਜਵਾਬ ਮਿਲੇਗਾ ਨਹੀਂ ।
ਡਾਕਟਰਾਂ ਤੇ ਲੁੱਟ ਦੇ ਇਲਜ਼ਾਮ ਲੱਗਦੇ ਕਿ ਇਲਾਜ ਮਹਿੰਗਾ ਕਰਦੇ ਕਿਉਕਿ ਡਾਕਟਰ ਇਲਾਜ ਵਧਾ ਚੜ੍ਹਾ ਕੇ ਕਰਦੇ ਤੇ ਘਟੀਆ / ਸਸਤੀਆਂ ਦਵਾਈਆਂ ਦਾ ਵੱਧ ਮੁੱਲ ਲੈਂਦੇ ਆਦਿ ਆਦਿ । ਡਾਕਟਰੀ ਕਿੱਤੇ ਵਿਚ ਇਕੱਲੇ ਡਾਕਟਰ ਹੀ ਨਹੀਂ ਬਾਕੀ ਸਟਾਫ ਵੀ ਹੈ , ਖਾਸ ਕਰਕੇ ਫਾਰਮੇਸੀ ।
ਦੂਜੇ ਪਾਸੇ ਕਿਸਾਨ ( ਅੰਨਦਾਤਾ ) ਵੱਲੋਂ ਜੋ ਫ਼ਸਲ ਉਗਾਈ ਜਾ ਰਹੀ ਤੇ ਦੁੱਧ ਪਿਲਾਇਆ ਜਾ ਰਿਹਾ, ਉਸ ਦੀ ਗੁਣਵੱਤਾ ਤੇ ਵੱਡੇ ਸਵਾਲ ਹਨ । ਦੁੱਧ ਨੂੰ ਚਿੱਟਾ ਜ਼ਹਿਰ ਮੰਨਿਆ ਜਾ ਰਿਹਾ ਤੇ ਅੰਨ ਨੂੰ ਵੱਡੀਆਂ ਬਿਮਾਰੀਆਂ ਦਾ ਇੱਕ ਕਾਰਨ।
ਜਿੱਥੇ ਭਾਰਤ ਵਿਚ ਬਣੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋ ਰਹੇ ਤੇ ਬਾਹਰਲੇ ਦੇਸ਼ਾਂ ਵਿੱਚ ਭੇਜੀਆਂ ਦਵਾਈਆਂ ਵਾਪਸ ਆ ਰਹੀਆਂ ਨਾਲੇ ਰੇਟ ਵੱਧ ਹਨ ਤੇ ਲੋਕ ਫ਼ਾਰਮਾਂ ਕੰਪਨੀਆਂ ਅਤੇ ਡਾਕਟਰਾਂ ਨੂੰ ਗਾਲ੍ਹਾਂ ਕੱਢ ਰਹੇ ।
ਉੱਥੇ ਭਾਰਤ ਵਿਚ ਉਗਾਈਆਂ ਫਸਲਾਂ ਦੇ ਸੈਂਪਲ ਵੀ ਫੇਲ੍ਹ ਹੋਣ ਕਰਕੇ ਵਾਪਸ ਆ ਰਹੀਆਂ । ਐਥੋਂ ਤੱਕ ਕਿ ਪੰਜਾਬ ਦੀਆਂ ਫਸਲਾਂ ਵੀ ਦੂਸਰੀਆਂ ਸਟੇਟਾਂ ਵਾਪਸ ਕਰ ਰਹੀਆਂ । ਫਿਰ ਫਸਲਾਂ ਦੀ ਗੁਣਵੱਤਾ ਲਈ ਜ਼ਿੰਮੇਵਾਰ ਕੌਣ ? ਉੱਪਰੋਂ ਕਿਸਾਨ ਵੱਧ ਰੇਟ ਅਤੇ ਪੱਕੀ ਖਰੀਦ ਲਈ ਸ਼ੜਕਾਂ ਮੱਲੀ ਬੈਠੇ ।
ਦੋਸਤੋ ਕਿਸਾਨੀ ਅਤੇ ਡਾਕਟਰੀ ਬਹੁਤ ਹੀ ਅਨਿਸ਼ਚਿਤਾਵਾਂ ਦੇ ਕਿੱਤੇ ਹਨ । ਜਿਸ ਤਰ੍ਹਾਂ ਕਿਸਾਨ ਦੀ ਪੱਕੀ ਫਸਲ ਕਈ ਵਾਰ ਮੰਡੀ ਨਹੀਂ ਪਹੁੰਚਦੀ , ਇਸੇ ਤਰ੍ਹਾਂ ਡਾਕਟਰ ਦੇ ਪੂਰੇ ਇਲਾਜ ਦੇ ਬਾਵਜੂਦ ਵੀ ਮਰੀਜ਼ ਘਰ ਨਹੀਂ ਪਹੁੰਚਦਾ । ਕਿਸਾਨ ਦੀ ਇੱਕ ਫਸਲ ਖਰਾਬ ਹੋ ਜਾਵੇ ਤਾਂ ਕਿਸਾਨ ਪੰਜ ਸਾਲ ਲਈ ਪਿੱਛੇ ਪੈ ਜਾਂਦਾ ਤੇ ਜੇ ਦੋ ਫਸਲਾਂ ਲਗਾਤਾਰ ਖਰਾਬ ਹੋ ਜਾਣ ਤਾਂ ਸਦਾ ਲਈ ਛੋਟੇ ਕਿਸਾਨ ਦੀ ਬਰਬਾਦੀ ਹੋ ਜਾਂਦੀ ।ਇਸੇ ਤਰਾਂ ਜੇ ਡਾਕਟਰ ਦੇ ਇਕ ਦੋ ਮਰੀਜ਼ਾਂ ਨਾਲ ਲਗਾਤਾਰ ਦੁਰਘਟਨਾ ਹੋ ਜਾਵੇ ਤਾਂ ਡਾਕਟਰੀ ਕਰਨੀ ਵੱਡੀ ਮੁਸੀਬਤ ਬਣ ਜਾਂਦੀ।
ਕਿਸਾਨੀ ਅਤੇ ਡਾਕਟਰੀ ਕਿੱਤੇ ਭਾਵੇਂ ਅਨਿਸ਼ਚਿਤਾਵਾਂ ਵਾਲੇ ਹਨ ਪਰ ਫਿਰ ਜਿਸ ਢੰਗ ਨਾਲ ਕਿਸਾਨ ਉੱਤੇ ਫਸਲਾਂ ਦੀ ਗੁਣਵੱਤਾ ਅਤੇ ਡਾਕਟਰਾਂ ਉੱਤੇ ਮਰੀਜ਼ਾਂ ਦੇ ਸ਼ੋਸ਼ਣ ਦੇ ਇਲਜ਼ਾਮ ਲੱਗ ਰਹੇ , ਉਸ ਦਾ ਕੌਣ ਸੁਧਾਰ ਕਰੇਗਾ ?
ਜਿੱਥੇ ਸਰਕਾਰਾਂ ਨੂੰ ਇਹਨਾਂ ਦੋਨਾਂ ਕਿੱਤਿਆਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਉੱਥੇ ਕਿਸਾਨਾਂ/ ਡਾਕਟਰਾਂ ਨੂੰ ਅਪਣੀ ਜ਼ੁੰਮੇਵਾਰੀ ਨਿਭਾਉਣੀ ਚਾਹੀਦੀ । ਕਿਸਾਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਫਸਲਾਂ ਵਿਚ ਲੋੜ ਤੋਂ ਵੱਧ ਖਾਦਾਂ ਅਤੇ ਕੀਟਨਾਸ਼ਕ ਪਾ ਕੇ ਸਾਰੇ ਦੇਸ਼ ਵਿਚ ਅਪਣੇ ਪਰਿਵਾਰਾਂ ਸਮੇਤ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਰਹੇ । ਉਸੇ ਤਰਾਂ ਡਾਕਟਰ ਮਰੀਜ਼ਾਂ ਦੇ ਇਲਾਜ ਨੂੰ ਮਹਿੰਗਾ ਕਰਕੇ ਅਪਣੇ ਪਰਿਵਾਰਾਂ ਸਮੇਤ ਦੇਸ਼ ਵਿੱਚ ਬਿਮਾਰੀਆਂ ਦੇ ਇਲਾਜ ਤੋ ਲੋਕਾਂ ਨੂੰ ਵਾਂਝੇ ਰੱਖ ਰਹੇ ।
ਇਹ ਕਹਿ ਕੇ ਨਹੀਂ ਸਰਨਾ ਕਿ ਬਾਕੀ ਕਿੱਤੇ ਵੀ ਭ੍ਰਿਸ਼ਟ ਹਨ, ਕਿਉਂਕਿ ਕਿ ਦੂਸਰੇ ਦੀ ਕੰਮਜੋਰੀ ਤੁਹਾਡੀ ਤਾਕਤ ਨਹੀਂ ।
“ Other’s weakness is not your strength .”
ਸਵਾਰੀ ਅਪਣੇ ਸਮਾਨ ਦੀ ਆਪ ਜਿੰਮੇਵਾਰ ਹੈ ।
ਪੰਜਾਬ ਵਸੇਗਾ ਕੰਮ ਦੇ ਨਾਲ ।
ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ ( ਰਿਟਾ )
9814127296
7717319896